ਕੈਨੇਡਾ ਵਿੱਚ ਪੜ੍ਹਾਈ ਕਰ ਰਹੀ 21 ਸਾਲਾਂ ਪੰਜਾਬਣ ਵਿਦਿਆਰਥਣ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਕੈਨੇਡਾ ਦੇ ਹੈਮੀਲਟਨ ਵਿੱਚ ਇਹ ਵਾਰਦਾਤ ਹੋਈ ਹੈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੀ ਹਰਸਿਮਰਤ ਕੌਰ ਰੰਧਾਵਾ ਵਜੋਂ ਹੋਈ ਹੈ।
ਕਿਸ ਤਰ੍ਹਾਂ ਹੋਈ ਇਹ ਘਟਨਾ:-
ਹਰਸਿਮਰਤ ਕੌਰ ਰੰਧਾਵਾ ਕੈਨੇਡਾ ਦੇ ਮੋਹਾਕ ਕਾਲਜ ਵਿੱਚ ਪੜ੍ਹਦੀ ਸੀ। ਹਰ ਰੋਜ ਦੀ ਤਰ੍ਹਾਂ ਹਰਸਿਮਰਤ ਕਾਲਜ ਜਾਣ ਲਈ ਬੱਸ ਸਟੈਂਡ ਉਪਰ ਬੱਸ ਦੀ ਉਡੀਕ ਕਰ ਰਹੀ ਸੀ। ਇਸਤੋਂ ਬਾਅਦ ਇਕ ਅਣਪਛਾਤਾ ਵਿਅਕਤੀ ਕਾਲੇ ਰੰਗ ਦੀ ਮਰਸੀਡੀਜ਼ ਵਿੱਚ ਆਉਂਦਾ ਹੈ ਅਤੇ ਇੱਕ ਦੂਜੀ ਗੱਡੀ ਉਪਰ ਅਨ੍ਹੇਵਾਹ ਗੋਲੀਆਂ ਚਲਾਉਣ ਲੱਗ ਜਾਂਦਾ ਹੈ। ਜੌ ਕਿ ਇਕ ਗੋਲੀ ਹਰਸਿਮਰਤ ਰੰਧਾਵਾ ਦੇ ਲੱਗਦੀ ਹੈ ਜਿਸਦੇ ਕਾਰਣ ਉਸਦੀ ਮੌਤ ਹੋ ਜਾਂਦੀ ਹੈ। ਜਦ ਪੁਲਿਸ ਘਟਨਾ ਸਥਾਨ ਤੇ ਪਹੁੰਚਦੀ ਹੈ ਤਾਂ ਹਰਸਿਮਰਤ ਜ਼ਖਮੀ ਹਾਲਤ ਵਿੱਚ ਹੁੰਦੀ ਹੈ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਹੈ। ਹਸਪਤਾਲ ਵਿੱਚ ਡਾਕਟਰ ਜਾਂਦੇ ਹੀ ਉਸਨੂੰ ਮ੍ਰਿਤਕ ਐਲਾਨ ਕਰ ਦਿੰਦੇ ਹਨ।
ਪਰਿਵਾਰ ਵੱਲੋਂ ਹਰਸਿਮਰਤ ਦੀ ਲਾਸ਼ ਪੰਜਾਬ ਲਿਆਉਣ ਦੀ ਮੰਗ ਕੀਤੀ ਗਈ ਹੈ:-
ਪਰਿਵਾਰਕ ਮੈਂਬਰਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਓਹਨਾ ਦਸਿਆ ਕਿ ਹਰਸਿਮਰਤ 2 ਸਾਲ ਪਹਿਲਾ ਕੈਨੇਡਾ ਪੜ੍ਹਾਈ ਕਰਨ ਲਈ ਗਈ ਸੀ। ਓਹਨਾ ਦੱਸਿਆ ਕਿ ਓਥੇ ਦੋ ਧਿਰਾਂ ਦੀ ਆਪਸੀ ਲੜਾਈ ਵਿੱਚ ਸਾਡੀ ਬੇਟੀ ਨੂੰ ਗੋਲੀ ਲੱਗ ਗਈ ਹੈ ਜਿਸਦੇ ਕਾਰਨ ਉਸਦੀ ਮੌਤ ਹੋ ਗਈ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਆਪਣੀ ਬੇਟੀ ਦੀ ਲਾਸ਼ ਨੂੰ ਪੰਜਾਬ ਲਿਆਉਣ ਦੀ ਮੰਗ ਕੀਤੀ ਹੈ।
ਟੋਰਾਂਟੋ ਵਿੱਚ ਭਾਰਤੀ ਕੌਸਲੇਟ ਜਨਰਲ ਦਾ ਬਿਆਨ:-
ਭਾਰਤੀ ਕੌਸਲੇਟ ਜਨਰਲ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਹੈ ਕਿ ਭਾਰਤੀ ਵਿਦਿਆਰਥਣ ਹਰਸਿਮਰਤ ਕੌਰ ਰੰਧਾਵਾ ਦੀ ਮੌਤ ਤੋਂ ਅਸੀਂ ਦੁਖੀ ਹਾਂ। ਓਹਨਾ ਕਿਹਾ ਕਿ ਹਰਸਿਮਰਤ ਇਕ ਨਿਰਦੋਸ਼ ਲੜਕੀ ਸੀ ਜਿਸਦੀ ਦੋ ਧਿਰਾਂ ਦੀ ਆਪਸੀ ਲੜਾਈ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਅਸੀ ਉਸਦੇ ਪਰਿਵਾਰ ਨਾਲ ਸੰਪਰਕ ਵਿਚ ਹਾਂ ਅਤੇ ਅਸੀਂ ਪਰਿਵਾਰ ਦੀ ਪੂਰੀ ਸਹਾਇਤਾ ਕਰਾਂਗੇ।
ਅਸੀਂ ਇਸ ਮੁਸ਼ਕਿਲ ਘੜੀ ਵਿੱਚ ਪਰਿਵਾਰ ਦੇ ਨਾਲ ਹਾਂ।