ਬੀਤੀ ਸ਼ਾਮ ਪੰਜਾਬ ਸੰਗਰੂਰ ਵਿੱਚ ਭਾਰੀ ਤੂਫ਼ਾਨ ਅਤੇ ਤੇਜ਼ ਮੀਂਹ ਦੇਖਣ ਨੂੰ ਮਿਲਿਆ ਹੈ। ਪੰਜਾਬ ਦਾ ਮੌਸਮ ਇੱਕ ਦਮ ਬਦਲ ਗਿਆ ਹੈ। ਜਿੱਥੇ ਮੌਸਮ ਬਦਲਣ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ ਉੱਥੇ ਹੀ ਪੰਜਾਬ ਦੇ ਕਈ ਵੱਡੇ ਸ਼ਹਿਰ ਵਿੱਚ ਇਹ ਮੌਸਮ ਚਿੰਤਾ ਦਾ ਕਾਰਨ ਬਣ ਰਿਹਾ ਹੈ।
ਕੱਲ ਸ਼ਾਮ ਸੰਗਰੂਰ ਵਿੱਚ ਬਹੁਤ ਤੇਜ ਤੂਫ਼ਾਨ ਆਇਆ ਹੈ ਜਿਸ ਨਾਲ ਭਾਰੀ ਨੁਕਸਾਨ ਹੋਇਆ ਹੈ। ਸੜਕ ਕਿਨਾਰੇ ਲੱਗੇ ਦਰੱਖਤ ਰੋਡ ਉਪਰ ਡਿੱਗ ਗਏ ਹਨ। ਸੰਗਰੂਰ ਵਿੱਚ ਗੱਡੀ ਉਪਰ ਦਰੱਖਤ ਡਿੱਗ ਗਿਆ ਹੈ। ਜਿਸ ਨਾਲ ਗੱਡੀ ਦਾ ਕਾਫ਼ੀ ਨੁਕਸਾਨ ਹੋਇਆ ਹੈ ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਹੈ। ਲੋਕਾਂ ਦੇ ਘਰ ਕੋਲ ਲੱਗੇ ਟਾਵਰ ਟੁੱਟ ਕੇ ਤਹਿਸ - ਨਹਿਸ਼ ਹੋ ਗਏ ਜਿਸ ਕਾਰਨ ਬਿਜਲੀ ਦੀ ਸਪਲਾਈ ਬੰਦ ਹੋ ਗਈ। ਸੰਗਰੂਰ ਦੀਆ ਦੁਕਾਨਾਂ ਵਿੱਚ ਲੱਗੇ ਸ਼ੀਸ਼ੇ ਦੇ ਗੇਟ ਟੁੱਟਣ ਅਤੇ ਦੁਕਾਨਾਂ ਦੇ ਬਾਹਰ ਪਾਈਆ ਫਰਿਜ਼ ਟੁੱਟਣ ਦੀਆਂ ਵੀਡੀਓਜ਼ ਵੀ ਸਾਮ੍ਹਣੇ ਆਈਆ ਹਨ।
ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਪੈਂਦੇ ਪਿੰਡ ਵਿੱਚ ਭਾਰੀ ਮੀਂਹ ਅਤੇ ਗੜ੍ਹੇਮਾਰੀ ਹੋਈ ਹੈ। ਜਿਸ ਕਾਰਨ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਉਹਨਾਂ ਨੇ ਦਸਿਆ ਕਿ ਹਜੇ ਕੁੱਝ ਹੀ ਕਿਸਾਨ ਭਰਾਵਾਂ ਨੇ ਆਪਣੀ ਕਣਕ ਦੀ ਫ਼ਸਲ ਦੀ ਕਟਾਈ ਕੀਤੀ ਹੈ। ਜਿਆਦਾਤਰ ਕਿਸਾਨਾਂ ਦੀ ਫ਼ਸਲ ਖੜੀ ਹੀ ਖ਼ਰਾਬ ਹੋ ਗਈ। ਜਿਹਨਾਂ ਦੀ ਫ਼ਸਲ ਦੀ ਕਟਾਈ ਹੋ ਗਈ ਉਹ ਫ਼ਸਲ ਮੰਡੀ ਵਿੱਚ ਪਈ ਮੀਂਹ ਕਾਰਨ ਖ਼ਰਾਬ ਹੋ ਰਹੀ ਹੈ। ਕਣਕ ਮੀਂਹ ਨਾਲ ਗਿੱਲੀ ਹੋਣ ਕਾਰਨ ਉਸਦੀ ਵਿਕਰੀ ਨਹੀਂ ਹੋ ਰਹੀ। ਪੰਜਾਬ ਦੇ ਹੋਰ ਕਈ ਸ਼ਹਿਰ ਅਤੇ ਬਠਿੰਡਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਭਾਰੀ ਮੀਂਹ ਕਾਰਨ ਕਿਸਾਨਾਂ ਦੀ ਫ਼ਸਲ ਖਰਾਬ ਹੋ ਗਈ ਹੈ। ਕਣਕ ਦੀ ਕਟਾਈ ਵੇਲ਼ੇ ਇਸ ਤਰ੍ਹਾਂ ਦਾ ਖ਼ਰਾਬ ਮੌਸਮ ਕਈ ਸਾਲਾਂ ਬਾਅਦ ਦੇਖਣ ਨੂੰ ਮਿਲਿਆ ਹੈ।
ਮੌਸਮ ਵਿਭਾਗ ਵੱਲੋਂ 19 ਅਤੇ 20 ਅਪ੍ਰੈਲ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਦਿਨਾਂ ਵਿੱਚ ਮੀਂਹ, ਗੜ੍ਹੇਮਾਰੀ ਅਤੇ ਗਰਜ ਦੇਖਣ ਨੂੰ ਮਿਲ ਸਕਦੀ ਹੈ। ਜਿਸ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਰਹੀ ਹੈ। ਇਸ ਮੀਂਹ ਤੋਂ ਬਾਅਦ ਮੌਸਮ ਵਿੱਚ 2 ਤੋਂ 4 ਡਿਗਰੀ ਦੀ ਗਿਰਾਵਟ ਆ ਸਕਦੀ ਹੈ।