ਮਹਾਰਾਜਾ ਰਣਜੀਤ ਸਿੰਘ ਦੇ ਸਿਰ ਤੋਂ ਪਿਤਾ ਦੀ ਛਤਰ ਛਾਇਆ ਉਠ ਜਾਣ ਸਮੇਂ ਉਸਦੀ ਉਮਰ ਬਾਰਾਂ ਸਾਲ ਤੋਂ ਵੀ ਘੱਟ ਸੀ। 12 ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਉਹ ਆਪਣੇ ਪਰਿਵਾਰ ਦੀ ਸਿੱਖ ਰਿਆਸਤ ਦਾ ਮੁਖੀ ਬਣ ਗਿਆ। ਇਸ ਸਮੇਂ ਇਸਦੀ ਬਹਾਦਰ ਸੱਸ ਸਰਦਾਰਨੀ ਸਦਾ ਕੌਰ ਤੇ ਇਸਦੀ ਸਿਆਣੀ ਮਾਤਾ ਦੀ ਮਿਲਵੀਂ ਸਹਾਇਤਾ ਨੇ ਰਾਜ ਭਾਗ ਚਲਾਉਣ ਵਿੱਚ ਬਹੁਤ ਸਹਾਇਤਾ ਕੀਤੀ।
ਸ਼ੇਰਿ ਪੰਜਾਬ ਨੂੰ ਮਹਾਰਾਜਗੀ ਮਿਲਣੀ:- ਫਰਵਰੀ ਸੰਨ 1801 ਈ:ਮੁਤਾਬਿਕ 1858 ਵਿੱਚ ਪੰਜਾਬ ਦੇ ਉੱਘੇ ਉੱਘੇ ਸ਼ਹਿਰਾਂ ਦੇ ਮੁਖੀਆ ਤੇ ਸ਼ੇਰੇ ਪੰਜਾਬ ਦੇ ਪੰਤਵੰਤੇ ਸਰਦਾਰਾ ਅਤੇ ਸਾਰੀ ਫੌਜ ਵੱਲੋਂ ਸਰਦਾਰ ਰਣਜੀਤ ਸਿੰਘ ਦੀ ਹਜ਼ੂਰੀ ਵਿੱਚ ਇੱਕ ਬੇਨਤੀ ਪੱਤਰ ਹਾਜ਼ਰ ਕੀਤਾ ਗਿਆ ਜਿਸ ਵਿਚ ਇੱਛਾ ਪਰਗਟ ਕੀਤੀ ਗਈ ਕਿ ਲਾਹੌਰ ਵਿਚ ਇਕ ਵੱਡਾ ਦਰਬਾਰ ਕੀਤਾ ਜਾਏ, ਜਿਸ ਵਿਚ ਪਰਜਾ ਵੱਲੋਂ ਆਪ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਜਾਏ, ਇਸਨੂੰ ਪ੍ਰਵਾਨ ਕਰੋ। ਇਸਤੋਂ ਬਾਅਦ ਵਿਸਾਖੀ ਦਾ ਦਿਨ ਯੋਗ ਸਮਝ ਕੇ ਇਸ ਕਾਰਜ ਲਈ ਨਯਿਤ ਕੀਤਾ ਗਿਆ। ਇਸ ਦਿਨ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਤੇ ਦੂਰ ਦੂਰ ਇਲਾਕਿਆ ਤੋਂ ਸਰਦਾਰ ਹਾਕਮ ਆਏ ਹੋਏ ਸਨ। ਉਸ ਦਿਨ ਸ਼ਹਿਰ ਦੇ ਗੁਰਦਵਾਰੇ ਵਿੱਚ ਪਹਿਲਾ ਤੋਂ ਰਖਵਾਏ ਹੋਏ ਅਖੰਡ ਪਾਠਾਂ ਦੇ ਭੋਗ ਪਾਏ ਗਏ। ਮੁਸਲਮਾਨਾਂ ਨੇ ਮਸੀਤਾਂ ਵਿਚ ਦੁਆਵਾ ਮੰਗੀਆ, ਹਿੰਦੂਆ ਨੇ ਮੰਦਿਰ ਵਿੱਚ ਪ੍ਰਾਥਨਾਵਾਂ ਕੀਤੀਆਂ ਤੇ ਚੂਰਮੇ ਵੰਡੇ ਗਏ। ਫੇਰ ਗਿਆਨੀ ਗੁਰਮੁਖ ਸਿੰਘ ਜੀ ਨੇ ਸਤਿਗੁਰੂ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਬਾਬਾ ਸਾਹਿਬ ਸਿੰਘ ਜੀ ਨੇ ਸ਼ੇਰਿ ਪੰਜਾਬ ਨੂੰ ਮਾਹਰਾਜਗੀ ਦਾ ਤਿਲਕ ਦਿੱਤਾ। ਇਸ ਦਿਨ ਮਹਾਰਾਜੇ ਦਾ ਸਿੱਕਾ ਜ਼ਰਬ ਚਲਾਉਣ ਲਈ ਵੀ ਪ੍ਰਬੰਧ ਕੀਤਾ ਗਿਆ।
ਸ਼ੇਰੇ ਪੰਜਾਬ ਨੇ ਸਭ ਤੋਂ ਪਹਿਲਾ ਲਾਹੌਰ ਤੇ ਕਬਜਾ ਕੀਤਾ, ਫਿਰ ਆਪਣੇ ਰਾਜ ਵਿੱਚ ਭਸੀਨ,ਜੰਮੂ,ਗੁਜਰਾਤ,ਇਲਾਕਾ ਮੁਲਤਾਨ,ਕਸੂਰ, ਪਿਸ਼ਾਵਰ,ਕਸ਼ਮੀਰ ਆਦਿ ਇਲਾਕਾ ਆਪਣੇ ਰਾਜ ਵਿਚ ਮਿਲਾਇਆ।
ਕੋਹਨੂਰ:- ਸੰਨ 1812 ਨੂੰ ਕਾਬਲ ਦੇ ਦੋ ਬਾਦਸ਼ਾਹ ਜ਼ਮਾਨ ਤੇ ਸ਼ਾਹ ਸ਼ੁਜਾ ਦੇ ਪਰਿਵਾਰ ਲਾਹੌਰ ਪਹੁੰਚੇ, ਰਸਤੇ ਵਿੱਚ ਅਭਾਗੇ ਸ਼ਾਹ ਸ਼ੁਜਾ ਨੂੰ ਜਹਾਨਦਾਦ ਖ਼ਾਨ ਗਵਰਨਰ ਅਟਕ ਨੇ ਕੈਦ ਕਰਕੇ ਪਹਿਲੇ ਅਟਕ ਦੇ ਕਿਲ੍ਹੇ ਵਿੱਚ ਰੱਖਿਆ ਅਤੇ ਫਿਰ ਆਪਣੇ ਭਾਈ ਅਤਾ ਮੁਹੰਮਦ ਖ਼ਾਨ ਗਵਰਨਰ ਕਸ਼ਮੀਰ ਕੋਲ ਭਿਜਵਾ ਦਿੱਤਾ। ਬਾਦਸ਼ਾਹ ਜ਼ਮਾਨ ਨੇ ਸ਼ੇਰੇ ਪੰਜਾਬ ਤੋਂ ਮਦਦ ਮੰਗੀ ਕੇ ਉਸਦੇ ਭਰਾ ਨੂੰ ਛੁਡਵਾ ਲਿਆ ਜਾਏ, ਤੇ ਨਾਲ ਹੀ ਉਸਨੇ ਕਿਹਾ ਕਿ ਉਹ ਬੇਸ਼ੁਮਾਰ ਕੀਮਤੀ ਹੀਰਾ ਕੋਹਿਨੂਰ ਮਾਹਾਰਾਜੇ ਨੂੰ ਦੇਵੇਗਾ। ਮਾਹਾਰਾਜੇ ਨੇ ਫੌਜ ਨੂੰ ਕਸ਼ਮੀਰ ਤੇ ਚੜਾਈ ਕਰਨ ਦਾ ਹੁਕਮ ਦਿੱਤਾ, ਤੇ ਮੁਹੰਮਦ ਖ਼ਾਨ ਨਾਲ ਕਸ਼ਮੀਰ ਦੀ ਜੰਗ ਹੋਈ ਜਿਸ ਵਿਚ ਖਾਲਸੇ ਦੀ ਜਿੱਤ ਹੋਈ, ਤੇ ਸ਼ਾਹ ਸ਼ੁਜਾ ਨੂੰ ਛੁਡਵਾ ਲਿਆ ਗਿਆ। ਤੇ ਕੋਹਿਨੂਰ ਹੀਰਾ ਮਾਹਰਾਜੇ ਨੂੰ ਦਿੱਤਾ ਗਿਆ।
ਕੌਰ ਨੌ ਨਿਹਾਲ ਸਿੰਘ ਦਾ ਵਿਆਹ:- ਇਹ ਵਿਆਹ ਜੋ ਪੰਜਾਬ ਦੇ ਇਤਿਹਾਸ ਵਿੱਚ ਅਦੁੱਤੀ ਮੰਨਿਆ ਜਾਂਦਾ ਹੈ, 23 ਫੱਗਣ 1894 ਬਿ: ਨੂੰ ਹੋਇਆ। ਇਸ ਸਮੇਂ ਸ਼ੇਰੇ ਪੰਜਾਬ ਨੇ ਦੂਰ ਦੂਰ ਦੇ ਰਾਜੇ ਮਹਾਰਾਜਿਆਂ ਨੂੰ ਸੱਦੇ ਦਿੱਤੇ। ਪਤਵੰਤੇ ਪ੍ਰਾਹੁਣਿਆਂ ਵਿੱਚ ਮਹਾਰਾਜਾ ਪਟਿਆਲਾ,ਨਾਭਾ, ਜੀਂਦ, ਫਰੀਦਕੋਟ,ਨਵਾਬ ਮਲੇਰੋਟਲਾ,ਰਾਜਾ ਕਪੂਰਥਲਾ, ਕਲਸੀਆਂ,ਸਿੰਘ ਗੜ੍ਹ, ਮੰਡੀ ਤੇ ਸਕੇਤ ਆਦਿ ਆਪਣੀਆਂ ਅੰਗ ਰੱਖਿਅਕ ਫੌਜਾਂ ਦੇ ਸ਼੍ਰੀ ਅੰਮ੍ਰਿਤਸਰ ਜੀ ਪਹੁੰਚ ਗਏ। ਇਸ ਤਰ੍ਹਾਂ ਵਿਆਹ ਤੋਂ ਪਹਿਲਾਂ ਹੀ ਪੰਜ ਲੱਖ ਦਾ ਇੱਕਠ ਹੋ ਗਿਆ। ਇਤਿਹਾਸਕਾਰ ਲਿਖਦੇ ਹਨ ਕਿ ਇਸ ਵਿਆਹ ਵਿੱਚ ਤਕਰੀਬਨ 20 ਲੱਖ ਰੁਪਏ ਉਸ ਦਿਨ ਦਾਨ ਵਿਚ ਵੰਡਿਆ ਗਿਆ। ਜਦ 20 ਲੱਖ ਰੁਪਏ ਦਾਨ ਵਿੱਚ ਵੰਡਿਆ ਗਿਆ ਤਾਂ ਇਸ ਤੋਂ ਸੌਖਾ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਵਿਆਹ ਤੇ ਮਹਾਰਾਜਾ ਸਾਹਿਬ ਦਾ ਕਿੰਨਾ ਕੁ ਖਰਚ ਆਇਆ ਹੋਵੇਗਾ। ਸਰਦਾਰ ਸ਼ਾਮ ਸਿੰਘ ਨੇ ਆਪਣੀ ਸਪੁੱਤਰੀ ਨੂੰ ਇਸ ਸਮੇਂ ਇਹ ਦਾਜ ਦਿੱਤਾ:- 11 ਹਾਥੀ,100 ਘੋੜੇ,100 ਊਠ, 101 ਗਊਆ,101 ਲਵੇਰੀਆ ਮਹੀਆਂ, 500 ਕਸ਼ਮੀਰੀ ਸ਼ਾਲਾ ਅਤੇ ਬਹੁਤ ਵੱਡੀ ਰਕਮ ਦੇ ਮੁੱਲ ਦੇ ਜਵਾਹਰਾਤ।
ਮਹਾਰਾਜਾ ਰਣਜੀਤ ਸਿੰਘ ਦਾ ਚਲਾਣਾ:- ਛੇਕੜ 15 ਹਾੜ ਵੀਰਵਾਰ ਸੰਮਤ 1896 ਬਿ: ਛੇ ਘੜੀ ਦਿਨ ਰਹੇ ਮੁਤਾਬਿਕ 27 ਜੂਨ 1839 ਨੂੰ ਊਨਾਹਠ ਸਾਲ ਦੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਭੌਰ ਉਡਾਰੀ ਮਾਰ ਗਿਆ। ਇਸ ਤਰਾਂ ਅੱਜ ਖਾਲਸਾ ਕੌਮ ਸਿਰ ਤੋਂ ਉਸ ਅਦੁੱਤੀ ਪੁਰਖ ਦਾ ਛਤਰ- ਜਿਸ ਨੇ ਖ਼ਾਲਸਾ ਕੌਮ ਲਈ ਰਾਜ ਭਾਗ ਸਥਾਪਤ ਕਰ ਦਿੱਤਾ ਸੀ- ਸਦਾ ਲਈ ਉੱਠ ਗਿਆ। ਇਸ ਸਮੇਂ ਸਾਰੇ ਪੰਜਾਬ ਵਿੱਚ ਕਿਹਾ ਜਾਂਦਾ ਸੀ ਕਿ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਨੂੰ ਰੰਡਾ ਕਰ ਗਿਆ।
ਖ਼ਾਲਸਾ ਫ਼ੌਜ ਦੀ ਗਿਣਤੀ:- ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਸਮੇਂ ਸਾਰੀ ਗਿਣਤੀ ਪੈਦਲ ਤੇ ਸਵਾਰਾ ਦੀ 123800 ਜਵਾਨ ਸੀ, ਜਿਹਨਾਂ ਦੀ ਵੰਡ ਇਸ ਤਰ੍ਹਾਂ ਹੈ:-ਪੈਦਲ ਫ਼ੌਜ-87000, ਅਕਾਲੀ-5000, ਜੋੜ ਪੈਦਲ ਫੌਜ ਦਾ -92000, ਸਵਾਰ ਘੋੜ ਚੜੇ ਸਣੇ ਤੋਪਖਾਨੇ ਦੇ-16800, ਸਵਾਰ ਜਗੀਰਦਾਰਾਂ ਦੇ - 15000, ਜੋੜ ਸਵਾਰਾਂ ਦਾ - 31800, ਸਾਰਾ ਜੋੜ ਪੈਦਲ ਤੇ ਸਵਾਰਾ ਦਾ - 123800, ਤੋਪਾਂ ਵੱਡੀਆਂ - 384, ਤੋਪਾਂ ਹਲਕੀਆਂ - 400.
Tags
History

